ਦੇਸ਼ ਨੂੰ ਲੁੱਟਣ ਵਾਲੇ ਪਰਿਵਾਰਾਂ ਤੋਂ ਸਾਵਧਾਨ ਰਹੋ-ਮੋਦੀ


ਬਿਜਨੌਰ ਤੇ ਹਰਿਦੁਆਰ 'ਚ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ
ਬਿਜਨੌਰ, 10 ਫਰਵਰੀ (ਏਜੰਸੀ)-ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਖਿਲੇਸ਼ ਯਾਦਵ, ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ-ਕਾਂਗਰਸ 'ਤੇ ਜੰਮ ਕੇ ਹਮਲਾ ਕੀਤਾ | ਉਨ੍ਹਾਂ ਉੱਤਰ ਪ੍ਰਦੇਸ਼ ਵਿਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਗਠਜੋੜ ਨੂੰ ਦੋ ਪਰਿਵਾਰਾਂ ਦਾ ਗਠਜੋੜ ਦੱਸਿਆ ਜਿਨ੍ਹਾਂ ਨੇ ਦੇਸ਼ ਤੇ ਉੱਤਰ ਪ੍ਰਦੇਸ਼ ਨੂੰ ਲੁੱਟਿਆ ਅਤੇ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਕ ਪਰਿਵਾਰ ਦਿੱਲੀ ਦਾ ਹੈ ਜਦੋਂ ਕਿ ਦੂਜਾ ਪਰਿਵਾਰ ਸੈਫਈ ਦਾ ਹੈ | ਇਕ ਨੇ ਦੇਸ਼ ਨੂੰ ਜਦੋਂ ਕਿ ਦੂਜੇ ਨੇ ਉੱਤਰ ਪ੍ਰਦੇਸ਼ ਨੂੰ ਬਰਬਾਦ ਕੀਤਾ | ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪਰਿਵਾਰਾਂ ਤੋਂ ਉੱਤਰ ਪ੍ਰਦੇਸ਼ ਨੂੰ ਬਚਾਉਣਾ ਹੋਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖਿਲੇਸ਼ ਦੀ ਸਮਝਦਾਰੀ 'ਤੇ ਮੈਨੂੰ ਹੁਣ ਸ਼ੱਕ ਹੁੰਦਾ ਹੈ | ਅਖਿਲੇਸ਼ ਤੋਂ ਮੈਨੂੰ ਚੰਗੇ ਸਾਸ਼ਨ ਦੀ ਉਮੀਦ ਸੀ ਪਰ ਕਾਂਗਰਸ ਨਾਲ ਗਠਜੋੜ ਤੋਂ ਬਾਅਦ ਹੁਣ ਮੈਨੂੰ ਉਸ ਦੀ ਸਮਝਦਾਰੀ 'ਤੇ ਸ਼ੱਕ ਹੋਣ ਲੱਗ ਪਿਆ ਹੈ | ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਜੇਕਰ ਭਾਜਪਾ ਸਰਕਾਰ ਆਈ ਤਾਂ ਸਮਾਜਵਾਦੀ ਪਾਰਟੀ ਵੱਲੋਂ ਆਪਣੇ ਵਿਰੋਧੀਆਂ ਿਖ਼ਲਾਫ਼ ਦਰਜ ਕਰਵਾਏ ਝੂਠੇ ਮਾਮਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ 'ਤੇ ਅਧਿਕਾਰੀਆਂ ਤੋਂ ਚੰਗੇ ਅਤੇ ਪ੍ਰਭਾਵੀ ਆਗੂਆਂ ਦੀ ਸੂਚੀ ਬਣਵਾਈ | ਨਾਲ ਹੀ ਆਪਣੇ ਵਿਰੋਧੀਆਂ ਦੀ ਸੂਚੀ ਵੀ ਬਣਵਾਈ | ਭਾਜਪਾ ਦੇ ਲੋਕਾਂ ਨੂੰ ਯੂ.ਪੀ. ਸਰਕਾਰ ਨੇ ਗਲਤ ਮਾਮਲਿਆਂ 'ਚ ਫਸਾਇਆ | ਭਾਜਪਾ ਸਰਕਾਰ ਆਉਂਦੇ ਹੀ ਨਿਰਦੋਸ਼ਾਂ 'ਤੇ ਕੇਸ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਦੀ ਰਾਜਨੀਤੀ ਕਰਦੀ ਹੈ | ਹੁਣ 11 ਮਾਰਚ ਨੂੰ ਅਖਿਲੇਸ਼ ਸਰਕਾਰ ਦਾ ਕੱਚਾ ਚਿੱਠਾ ਖੁੱਲੇ੍ਹਗਾ | ਮੋਦੀ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੇ ਇਕ ਆਗੂ ਦੀਆਂ ਹਰਕਤਾਂ ਤੋਂ ਬਚੋ | ਉਸ ਦੀਆਂ ਹਰਕਤਾਂ ਬਚਕਾਨਾ ਹਨ ਤੇ ਕਾਂਗਰਸ ਦੇ ਵੱਡੇ ਨੇਤਾ ਵੀ ਉਨ੍ਹਾਂ ਤੋਂ ਕਿਨਾਰਾ ਕਰਦੇ ਹਨ ਪਰ ਅਖਿਲੇਸ਼ ਨੇ ਉਸੇ ਆਗੂ ਨੂੰ ਗਲੇ ਲਗਾ ਲਿਆ | ਉਨ੍ਹਾਂ ਕਿਹਾ ਕਿ ਸਪਾ ਸਰਕਾਰ ਗੰਨਾ ਕਿਸਾਨ ਵਿਰੋਧੀ ਹੈ | ਸਰਕਾਰ ਗਰੀਬਾਂ, ਪੀੜ੍ਹਤਾਂ ਦੀ ਰੱਖਿਆ ਲਈ ਹੁੰਦੀ ਹੈ ਪਰ ਯੂ.ਪੀ. ਸਰਕਾਰ ਅਜਿਹੀ ਨਹੀਂ ਹੈ | ਇਹ ਸਰਕਾਰ ਮਾਵਾਂ-ਭੈਣਾਂ ਦੀ ਰੱਖਿਆ ਕਰਨ ਵਾਲੀ ਨਹੀਂ ਹੈ | ਉਨ੍ਹਾਂ ਕਿਹਾ ਕਿ ਅੱਜ ਯੂ.ਪੀ. ਵਿਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ |
ਦੇਵ ਭੂਮੀ ਦੇ ਅਕਸ ਨੂੰ ਖਰਾਬ ਕਰਨ ਵਾਲੀ ਸਰਕਾਰ ਨੂੰ ਹਟਾਓ-ਮੋਦੀ 
ਹਰੀਦੁਆਰ, 10 ਫਰਵਰੀ (ਏਜੰਸੀ)-ਉਤਰਾਖੰਡ ਦੇ ਹਰੀਦੁਆਰ 'ਚ ਸ਼ੁੱਕਰਵਾਰ ਨੂੰ ਵਿਜੇ ਸੰਕਲਪ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਵ ਭੂਮੀ ਤੋਂ ਦਾਗੀ ਸਰਕਾਰ ਦਾ ਸਾਇਆ ਹਟਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਉਤਰਾਖੰਡ ਦੀ ਕੋਈ ਚਿੰਤਾ ਨਹੀਂ ਹੈ | ਉਤਰਾਖੰਡ ਦੀ ਉਮਰ ਅਜੇ ਅਜਿਹੀ ਹੈ ਕਿ ਜੇਕਰ ਹੁਣ ਇਸ ਨੂੰ ਠੀਕ ਤਰ੍ਹਾਂ ਸੰਭਾਲ ਲਿਆ ਤਾਂ ਉਤਰਾਖੰਡ ਪੂਰੇ ਦੇਸ਼ ਨੂੰ ਸੰਭਾਲ ਲਵੇਗਾ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਦੇਵ ਭੂਮੀ ਦਾ ਅਕਸ ਖਰਾਬ ਕਰਨ ਵਾਲੀ ਸਰਕਾਰ ਨੂੰ ਹਟਾ ਦਿਓ ਤੇ ਇਸ ਦੀ ਥਾਂ ਉਸ ਨੂੰ ਮੌਕਾ ਦਿਓ ਜੋ ਸੂਬੇ ਲਈ ਅਟਲ ਬਿਹਾਰੀ ਵਾਜਪਾਈ ਦੇ ਸੁਪਨੇ ਨੂੰ ਸਾਕਾਰ ਕਰ ਸਕੇ | ਮੋਦੀ ਨੇ ਕਿਹਾ ਕਿ ਉਤਰਾਖੰਡ ਦਾ ਵਿਕਾਸ ਸਾਡੀ ਪਹਿਲ ਹੈ | ਅਸੀਂ ਵਿਕਾਸ ਦੇ ਰਸਤੇ 'ਤੇ ਚੱਲਣਾ ਚਾਹੁੰਦੇ ਹਾਂ ਤੇ ਇਸ ਵਿਚ ਸਾਨੂੰ ਤੁਹਾਡਾ ਸਾਥ ਚਾਹੀਦਾ ਹੈ |

Comments